ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਖੇਤਰੀ ਯੁਵਕ ਅਤੇ ਲੋਕ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ
ਵਿਦਿਆਰਥੀਆਂ ਨੇ ਲੋਕ-ਕਲਾਵਾਂ, ਪੰਜਾਬੀ ਵਿਰਸੇ ਅਤੇ ਸ਼ਾਸਤਰੀ ਸੰਗੀਤ ਦੀਆਂ ਵੰਨਗੀਆਂ ਰਾਹੀਂ ਆਪਣੀ ਕਲਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
News Varta Editorial Staff•Digital Edition
SHARE THIS STORY






ਧੂਰੀ 26 ਅਕਤੂਬਰ ( ਸੂਤਰ )

ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਕਰਵਾਇਆ ਗਿਆ ਖੇਤਰੀ ਯੁਵਕ ਅਤੇ ਲੋਕ ਮੇਲਾ ਵਿਦਿਆਰਥੀਆਂ ਦੀਆਂ ਕਲਾਤਮਕ ਪੇਸ਼ਕਾਰੀਆਂ, ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਅਤੇ ਯਾਦਗਾਰੀ ਪਲਾਂ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਮੇਲੇ ਦੌਰਾਨ ਵੱਖ-ਵੱਖ ਮੰਚਾਂ ’ਤੇ ਵਿਦਿਆਰਥੀਆਂ ਨੇ ਲੋਕ-ਗਾਇਨ, ਲੋਕ-ਨਾਚ, ਕਵੀਸ਼ਰੀ, ਵਾਰ, ਕਲੀ, ਪਹਿਰਾਵਾ ਪ੍ਰਦਰਸ਼ਨੀ ਅਤੇ ਸ਼ਾਸਤਰੀ ਸੰਗੀਤ ਦੀਆਂ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਇਸ ਮੇਲੇ ਨੇ ਨੌਜਵਾਨਾਂ ਨੂੰ ਆਪਣੀ ਕਲਾ ਵਿਖਾਉਣ ਦੇ ਨਾਲ-ਨਾਲ ਪੰਜਾਬੀ ਵਿਰਸੇ, ਲੋਕ-ਪਰੰਪਰਾਵਾਂ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੁੜਨ ਦਾ ਮੌਕਾ ਪ੍ਰਦਾਨ ਕੀਤਾ।
ਸਮਾਪਤੀ ਸਮਾਰੋਹ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਸਿੱਖਿਆ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਸਿੱਖਿਆ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਦਾ ਮਹੱਤਵਪੂਰਨ ਆਧਾਰ ਹੈ। ਉਨ੍ਹਾਂ ਨੇ ਅਜਿਹੇ ਯੁਵਕ ਮੇਲਿਆਂ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਨੌਜਵਾਨਾਂ ਦੀ ਸ਼ਖ਼ਸੀਅਤ ਦੇ ਵਿਕਾਸ ਲਈ ਅਹਿਮ ਦੱਸਿਆ।


ਉਨ੍ਹਾਂ ਅਨੁਸਾਰ ਅਜਿਹੇ ਮੰਚ ਵਿਦਿਆਰਥੀਆਂ ਅੰਦਰ ਛੁਪੀਆਂ ਕਲਾਤਮਕ ਪ੍ਰਤਿਭਾਵਾਂ ਨੂੰ ਉਭਾਰਨ ਅਤੇ ਉਨ੍ਹਾਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਿੱਚ ਸਹਾਇਕ ਹੁੰਦੇ ਹਨ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਾ. ਜਗਦੀਪ ਸਿੰਘ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਕਲਾਤਮਕ ਵੰਨਗੀਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਨਵੀਂ ਪੀੜ੍ਹੀ ਨੂੰ ਕਲਾ, ਸਾਹਿਤ ਅਤੇ ਸੱਭਿਆਚਾਰਕ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ, ਆਤਮ-ਵਿਸ਼ਵਾਸ ਵਧਾਉਣ ਅਤੇ ਆਪਣੀਆਂ ਰਚਨਾਤਮਕ ਯੋਗਤਾਵਾਂ ਨੂੰ ਸਾਹਮਣੇ ਲਿਆਉਣ ਲਈ ਢੁੱਕਵਾਂ ਮੰਚ ਪ੍ਰਦਾਨ ਕਰਦੇ ਹਨ।


ਸਮਾਰੋਹ ਵਿੱਚ ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜੀ ਆਇਆਂ ਆਖਿਆ। ਇਸ ਦੌਰਾਨ ਉਨ੍ਹਾਂ ਨੇ ਮੇਲੇ ਦੀ ਮਹੱਤਤਾ ਅਤੇ ਵਿਦਿਆਰਥੀਆਂ ਦੀਆਂ ਕਲਾਤਮਕ ਗਤੀਵਿਧੀਆਂ ਲਈ ਅਜਿਹੇ ਮੰਚਾਂ ਦੀ ਲੋੜ ਬਾਰੇ ਵਿਚਾਰ ਸਾਂਝੇ ਕੀਤੇ। ਸ. ਦਲਬੀਰ ਸਿੰਘ (ਚੇਅਰਮੈਨ ਲਘੂ ਕਾਰੋਬਾਰ ਉਪਯੋਗਤਾ ਪੰਜਾਬ) ਨੇ ਸ਼ਿਰਕਤ ਕੀਤੀ
ਦੇਸ਼ ਭਗਤ ਕਾਲਜ ਬਰੜਵਾਲ ਟਰੱਸਟ ਧੂਰੀ ਦੇ ਚੇਅਰਮੈਨ ਸ. ਪਰਮਜੀਤ ਸਿੰਘ, ਸੇਵਾਮੁਕਤ ਡੀ.ਆਈ.ਜੀ. ਅਤੇ ਆਈ.ਪੀ .ਐੱਸ. , ਟਰੱਸਟ ਸਕੱਤਰ ਸ. ਬਲਵੰਤ ਸਿੰਘ ਮੀਮਸਾ, ਟਰੱਸਟ ਮੈਂਬਰ ਡਾ. ਸੁਖਵਿੰਦਰ ਸਿੰਘ ਧਾਦਰਾ ਅਤੇ ਸ. ਜਤਿੰਦਰ ਸਿੰਘ ਮੰਡੇਰ, ਸ. ਹਰਜਾਪ ਸਿੰਘ ਸਮਰਾ ਸਮੇਤ ਟਰੱਸਟ ਦੀਆਂ ਵੱਖ-ਵੱਖ ਸੰਸਥਾਵਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਸਮੂਹ ਸਟਾਫ਼ ਵੀ ਇਸ ਮੌਕੇ ਹਾਜ਼ਰ ਰਹੇ।
ਮੇਲੇ ਦੌਰਾਨ ਤਿੰਨ ਵੱਖ-ਵੱਖ ਮੰਚਾਂ ’ਤੇ ਮੁਕਾਬਲਿਆਂ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦਾ ਪ੍ਰਬੰਧ ਕੀਤਾ ਗਿਆ। ਹਰੇਕ ਮੰਚ ’ਤੇ ਵਿਦਿਆਰਥੀਆਂ ਨੇ ਵੱਖ-ਵੱਖ ਕਲਾਵਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਮੇਲੇ ਨੂੰ ਰੰਗਾਰੰਗ ਬਣਾਇਆ।
ਸਟੇਜ ਨੰਬਰ 1 ’ਤੇ ਲੰਬੀਆਂ ਹੇਕਾਂ ਵਾਲੇ ਗੀਤਾਂ ਅਤੇ ਪਹਿਰਾਵਾ ਪ੍ਰਦਰਸ਼ਨੀ ਨੇ ਪੰਜਾਬੀ ਲੋਕ-ਸੱਭਿਆਚਾਰ ਦੀ ਖ਼ੂਬਸੂਰਤੀ ਨੂੰ ਉਜਾਗਰ ਕੀਤਾ। ਲੰਬੀਆਂ ਹੇਕਾਂ ਵਾਲੇ ਗੀਤਾਂ ਰਾਹੀਂ ਪੰਜਾਬ ਦੀ ਲੋਕ-ਗਾਇਕੀ ਦੀ ਰਵਾਇਤੀ ਸ਼ੈਲੀ ਨੂੰ ਪੇਸ਼ ਕੀਤਾ ਗਿਆ। ਇਨ੍ਹਾਂ ਗੀਤਾਂ ਵਿੱਚ ਪੰਜਾਬੀ ਲੋਕ-ਸੰਗੀਤ ਦੀ ਵਿਲੱਖਣਤਾ ਅਤੇ ਵਿਰਸੇ ਦੀ ਝਲਕ ਦੇਖਣ ਨੂੰ ਮਿਲੀ। ਪਹਿਰਾਵਾ ਪ੍ਰਦਰਸ਼ਨੀ ਰਾਹੀਂ ਪੰਜਾਬੀ ਪਹਿਰਾਵਿਆਂ ਅਤੇ ਰਵਾਇਤੀ ਸਜਾਵਟ ਦੇ ਵੱਖ-ਵੱਖ ਰੂਪਾਂ ਨੂੰ ਦਰਸਾਇਆ ਗਿਆ। ਇਸੇ ਮੰਚ ’ਤੇ ਗਿੱਧੇ ਦੀ ਪੇਸ਼ਕਾਰੀ ਨੇ ਪੰਜਾਬੀ ਲੋਕ-ਨਾਚ ਦੀ ਰੌਣਕ ਨੂੰ ਹੋਰ ਵਧਾਇਆ। ਗਿੱਧੇ ਦੀਆਂ ਬੋਲੀਆਂ ਅਤੇ ਰਵਾਇਤੀ ਅੰਦਾਜ਼ ਨੇ ਪੰਜਾਬੀ ਸੱਭਿਆਚਾਰ ਦੀ ਜੀਵੰਤ ਤਸਵੀਰ ਪੇਸ਼ ਕੀਤੀ।

ਸਟੇਜ ਨੰਬਰ 2 ਸ਼ਾਸਤਰੀ ਸੰਗੀਤ ਦੀਆਂ ਪੇਸ਼ਕਾਰੀਆਂ ਨੂੰ ਸਮਰਪਿਤ ਰਿਹਾ। ਇੱਥੇ ਸ਼ਾਸਤਰੀ ਸੰਗੀਤ ਤਾਲ ਅਤੇ ਸ਼ਾਸਤਰੀ ਸੰਗੀਤ ਸਵਰ ਦੀਆਂ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਵਿਦਿਆਰਥੀਆਂ ਨੇ ਸੰਗੀਤ ਦੇ ਸੁਰਾਂ, ਲੈਅ ਅਤੇ ਤਾਲ ਨਾਲ ਸਬੰਧਤ ਆਪਣੀ ਸਮਝ ਤੇ ਅਭਿਆਸ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਪੇਸ਼ਕਾਰੀਆਂ ਨੇ ਮੇਲੇ ਵਿੱਚ ਸੰਗੀਤਕ ਮਾਹੌਲ ਸਿਰਜਿਆ ਅਤੇ ਭਾਰਤੀ ਸ਼ਾਸਤਰੀ ਸੰਗੀਤ ਦੀ ਮਹੱਤਤਾ ਨੂੰ ਉਭਾਰਿਆ।


ਸਟੇਜ ਨੰਬਰ 3 ’ਤੇ ਪੰਜਾਬੀ ਲੋਕ-ਸਾਹਿਤ ਅਤੇ ਰਵਾਇਤੀ ਗਾਇਨ ਨਾਲ ਜੁੜੀਆਂ ਕਲਾਵਾਂ ਨੂੰ ਪੇਸ਼ ਕੀਤਾ ਗਿਆ। ਕਵੀਸ਼ਰੀ, ਵਾਰ ਅਤੇ ਕਲੀ ਦੀਆਂ ਪੇਸ਼ਕਾਰੀਆਂ ਰਾਹੀਂ ਵਿਦਿਆਰਥੀਆਂ ਨੇ ਪੰਜਾਬੀ ਬੋਲੀ ਦੀ ਅਮੀਰੀ, ਲੋਕ-ਸਾਹਿਤ ਦੀ ਪਰੰਪਰਾ ਅਤੇ ਵਿਰਾਸਤੀ ਕਲਾਵਾਂ ਦੀ ਮਹੱਤਤਾ ਨੂੰ ਦਰਸਾਇਆ। ਇਨ੍ਹਾਂ ਵੰਨਗੀਆਂ ਨੇ ਨਵੀਂ ਪੀੜ੍ਹੀ ਨੂੰ ਪੰਜਾਬ ਦੀਆਂ ਪੁਰਾਤਨ ਸੱਭਿਆਚਾਰਕ ਰਵਾਇਤਾਂ ਨਾਲ ਜਾਣੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਪ੍ਰਿੰਸੀਪਲ ਡਾ. ਬਲਬੀਰ ਸਿੰਘ ਨੇ ਕੀਤਾ ਧੰਨਵਾਦ

ਸਮਾਪਤੀ ਸਮਾਰੋਹ ਦੌਰਾਨ ਦੇਸ਼ ਭਗਤ ਕਾਲਜ ਬਰੜਵਾਲ ਦੇ ਪ੍ਰਿੰਸੀਪਲ ਡਾ. ਬਲਬੀਰ ਸਿੰਘ ਨੇ ਧੰਨਵਾਦੀ ਸ਼ਬਦ ਕਹੇ। ਉਨ੍ਹਾਂ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਹੋਰ ਪਤਵੰਤਿਆਂ, ਟਰੱਸਟ ਦੇ ਅਹੁਦੇਦਾਰਾਂ, ਪ੍ਰਿੰਸੀਪਲ ਸਾਹਿਬਾਨ, ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਦਾ ਮੇਲੇ ਦੀ ਸਫ਼ਲਤਾ ਵਿੱਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਅਜਿਹੇ ਸਮਾਗਮਾਂ ਨੂੰ ਵਿਦਿਆਰਥੀਆਂ ਦੀਆਂ ਰੁਚੀਆਂ, ਕਲਾਤਮਕ ਯੋਗਤਾਵਾਂ ਅਤੇ ਸ਼ਖ਼ਸੀਅਤ ਦੇ ਵਿਕਾਸ ਲਈ ਮਹੱਤਵਪੂਰਨ ਦੱਸਿਆ।


ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਅੰਮ੍ਰਿਤ ਸਿੰਘ ਮਡਾਹਰ ਅਤੇ ਮੇਲੇ ਦੇ ਕੋਆਰਡੀਨੇਟਰ ਡਾ. ਦਲਵਿੰਦਰ ਕੌਰ ਦੀ ਭੂਮਿਕਾ ਵੀ ਮਹੱਤਵਪੂਰਨ ਰਹੀ। ਮੇਲੇ ਦੇ ਪ੍ਰਬੰਧਾਂ ਵਿੱਚ ਜੁੜੇ ਅਧਿਆਪਕਾਂ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਵੱਖ-ਵੱਖ ਮੰਚਾਂ ’ਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ।
ਖੇਤਰੀ ਯੁਵਕ ਅਤੇ ਲੋਕ ਮੇਲੇ ਨੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ, ਇੱਕ-ਦੂਜੇ ਦੀਆਂ ਕਲਾਵਾਂ ਤੋਂ ਸਿੱਖਣ ਅਤੇ ਪੰਜਾਬੀ ਵਿਰਸੇ ਨਾਲ ਜੁੜਨ ਦਾ ਮੌਕਾ ਦਿੱਤਾ। ਲੋਕ-ਗੀਤਾਂ, ਗਿੱਧੇ, ਪਹਿਰਾਵਾ ਪ੍ਰਦਰਸ਼ਨੀ, ਸ਼ਾਸਤਰੀ ਸੰਗੀਤ, ਕਵੀਸ਼ਰੀ, ਵਾਰ ਅਤੇ ਕਲੀ ਦੀਆਂ ਪੇਸ਼ਕਾਰੀਆਂ ਨਾਲ ਸਜਿਆ ਇਹ ਮੇਲਾ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਹਾਜ਼ਰ ਮਹਿਮਾਨਾਂ ਲਈ ਯਾਦਗਾਰੀ ਬਣ ਗਿਆ ਅਤੇ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ।
ਜੇਤੂ ਕਾਲਜਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ ।




