ਸੁਰੱਖਿਅਤ ਬਚਪਨ ਹੀ ਸਸ਼ਕਤ ਸਮਾਜ ਦੀ ਨੀਂਹ - ਜ਼ਿਲ੍ਹਾ ਤੇ ਸੈਸ਼ਨ ਜੱਜ ਅਰੁਣ ਗੁਪਤਾ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ‘ਸੁਰੱਖਿਅਤ ਬਚਪਨ ਅਭਿਆਨ’ ਦਾ ਆਗਾਜ਼, ਬੱਚਿਆਂ ਨੂੰ ਜਿਨਸੀ ਸ਼ੋਸ਼ਣ ਅਤੇ ਸਾਈਬਰ ਅਪਰਾਧਾਂ ਤੋਂ ਬਚਾਅ ਲਈ ਕੀਤਾ ਜਾਗਰੂਕ
News Varta Editorial Staff•Digital Edition
SHARE THIS STORY



ਮਾਲੇਰਕੋਟਲਾ, 27 ਅਕਤੂਬਰ ( ਸੂਤਰ )

ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਅਤੇ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਤੇ ਸਾਈਬਰ ਅਪਰਾਧਾਂ ਤੋਂ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਲੇਰਕੋਟਲਾ ਵੱਲੋਂ ‘ਸੁਰੱਖਿਅਤ ਬਚਪਨ ਅਭਿਆਨ’ ਦੀ ਸ਼ੁਰੂਆਤ ਸਥਾਨਕ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾ ਕੇ ਕੀਤੀ ਗਈ।
ਇਹ ਮੁਹਿੰਮ ਮਾਣਯੋਗ ਜਸਟਿਸ ਸ੍ਰੀ ਦੀਪਕ ਸਿੱਬਲ, ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ ਅਤੇ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਹੈ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਸ੍ਰੀ ਅਰੁਣ ਗੁਪਤਾ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਸਿਰਫ਼ ਕਾਨੂੰਨੀ ਜ਼ਿੰਮੇਵਾਰੀ ਨਹੀਂ, ਸਗੋਂ ਸਮੁੱਚੇ ਸਮਾਜ ਦਾ ਨੈਤਿਕ ਫ਼ਰਜ਼ ਹੈ। ਉਨ੍ਹਾਂ ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਕਰਦਿਆਂ ਪੋਕਸੋ ਐਕਟ, 2012 ਅਤੇ ਬਾਲ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਬੱਚਿਆਂ ਨੂੰ ਕਿਸੇ ਵੀ ਗਲਤ ਵਿਵਹਾਰ ਜਾਂ ਸ਼ੋਸ਼ਣ ਦੀ ਸਥਿਤੀ ਵਿੱਚ ਚੁੱਪ ਰਹਿਣ ਦੀ ਬਜਾਏ ਮਾਪਿਆਂ, ਅਧਿਆਪਕਾਂ ਜਾਂ ਭਰੋਸੇਯੋਗ ਵਿਅਕਤੀਆਂ ਨਾਲ ਗੱਲ ਸਾਂਝੀ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਐਡਵੋਕੇਟ ਗੌਤਮ ਸਿੰਗਲਾ ਅਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਐੱਸ.ਐੱਚ.ਓ. ਇੰਸਪੈਕਟਰ ਮਨਜੋਤ ਸਿੰਘ ਨੇ ਪੋਕਸੋ ਐਕਟ, ਸੋਸ਼ਲ ਮੀਡੀਆ ਦੀ ਸੁਰੱਖਿਅਤ ਵਰਤੋਂ ਅਤੇ ਆਨਲਾਈਨ ਅਪਰਾਧਾਂ ਤੋਂ ਬਚਾਅ ਬਾਰੇ ਜਾਗਰੂਕ ਕੀਤਾ।

ਅਥਾਰਟੀ ਵੱਲੋਂ 27 ਤੋਂ 31 ਅਕਤੂਬਰ ਤੱਕ ਜ਼ਿਲ੍ਹੇ ਦੇ ਸਕੂਲਾਂ ਵਿੱਚ ‘ਮੇਰਾ ਬਚਪਨ, ਮੇਰਾ ਅਧਿਕਾਰ’, ‘ਬੋਲੋ, ਦੱਸੋ, ਬਚਾਓ’, ‘ਸੁਰੱਖਿਅਤ ਕਲਿੱਕ, ਸੁਰੱਖਿਅਤ ਬਚਪਨ’ ਅਤੇ ਬਾਲ ਵਿਆਹ ਤੇ ਬਾਲ ਸ਼ੋਸ਼ਣ ਦੀ ਰੋਕਥਾਮ ਸਬੰਧੀ ਵਿਸ਼ੇਸ਼ ਸੈਸ਼ਨ ਕਰਵਾਏ ਜਾਣਗੇ। ਇਸ ਦੌਰਾਨ ਕਾਨੂੰਨੀ ਸਹਾਇਤਾ ਹੈਲਪ ਡੈਸਕ ਲਗਾਉਣ ਦੇ ਨਾਲ ਬਾਲ ਹੈਲਪਲਾਈਨ 1098, ਸਾਈਬਰ ਹੈਲਪਲਾਈਨ 1930 ਅਤੇ ਮੁਫ਼ਤ ਕਾਨੂੰਨੀ ਸਹਾਇਤਾ ਹੈਲਪਲਾਈਨ 15100 ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਅਥਾਰਟੀ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਬੱਚੇ ਨੂੰ ਡਰ-ਮੁਕਤ ਅਤੇ ਸੁਰੱਖਿਅਤ ਬਚਪਨ ਦੇਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਇਸ ਮੌਕੇ ਸੀ.ਜੇ.ਐੱਮ. ਰਮਨੀਤ ਕੌਰ, ਬਾਲ ਕਲਿਆਣ ਕਮੇਟੀ ਦੇ ਮੈਂਬਰ ਇਨਾਮ ਉਰ ਰਹਿਮਾਨ, ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
More from News Varta




ਯੁੱਧ ਨਸ਼ਿਆਂ ਵਿਰੁੱਧ: ਹੋਟਸਪੌਟ ਥਾਵਾਂ 'ਤੇ ਵਿਆਪਕ ਸਫ਼ਾਈ ਮੁਹਿੰਮ ਜਾਰੀ : ਡਿਪਟੀ ਕਮਿਸ਼ਨਰ
ਜ਼ਿਲ੍ਹੇ ਵਿਚ 20 ਹੋਟਸਪੌਟ ਥਾਵਾਂ ਦੀ ਪਛਾਣ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੇ ਇਨ੍ਹਾਂ ਇਲਾਕਿਆਂ ਵਿਚ ਨਸ਼ਿਆਂ ਦੇ ਖਾਤਮੇ ਲਈ ਕਾਰਵਾਈ ਕੀਤੀ ਜਾ ਰਹੀ ਹੈ
