ਸੈਂਕੜੇ ਲੋਕਾਂ ਨੇ ਦੀਪਾ ‘ਬਿੱਲੂ ਡੇਅਰੀ ਵਾਲੇ’ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਕਾਂਗਰਸ ਪਾਰਟੀ ਦੇ ਆਗੂ ਨੇ ਪਰਿਵਾਰ ਨਾਲ ਮਿਲ ਕੇ ਨਿਭਾਈਆਂ ਅੰਤਿਮ ਰਸਮਾਂ, ਅਰਥੀ ਨੂੰ ਮੋਢਾ ਦੇ ਕੇ ਕੀਤਾ ਵਿਦਾ; ਕਾਂਗਰਸ ਦੇ ਝੰਡੇ ਵਿੱਚ ਲਪੇਟ ਕੇ ਦਿੱਤਾ ਸਤਿਕਾਰ
News Varta Editorial Staff•Digital Edition
SHARE THIS STORY

ਅਹਿਮਦਗੜ੍ਹ 14 ਨਵੰਬਰ ( ਸੂਤਰ )
ਡਾ ਕੁਲਦੀਪ ਸਿੰਘ ਭੁੱਲਰ, ਵਿਸ਼ੇਸ਼ ਪ੍ਰਤੀਨਿਧੀ

ਅਹਿਮਦਗੜ੍ਹ ਦੀ ਸਮਾਜਿਕ ਅਤੇ ਸਿਆਸੀ ਫਿਜ਼ਾ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਵਾਰਡ ਨੰਬਰ 8 ਦੇ ਕੌਂਸਲਰ ਅਤੇ ਬਲਾਕ ਕਾਂਗਰਸ ਅਹਿਮਦਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ, ਜਿਨ੍ਹਾਂ ਨੂੰ ਲੋਕ ਪਿਆਰ ਨਾਲ ਦੀਪਾ ‘ਬਿੱਲੂ ਡੇਅਰੀ ਵਾਲੇ’ ਦੇ ਨਾਂ ਨਾਲ ਜਾਣਦੇ ਸਨ, ਦੇ ਅਚਾਨਕ ਵਿਛੋੜੇ ਨੇ ਪੂਰੇ ਸ਼ਹਿਰ ਨੂੰ ਗਹਿਰੇ ਸੋਗ ਵਿੱਚ ਡੁਬੋ ਦਿੱਤਾ। 14 ਨਵੰਬਰ ਦੀ ਸਵੇਰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਅੰਤਿਮ ਵਿਦਾਈ ਮੌਕੇ ਸ਼ਹਿਰ ਵਾਸੀਆਂ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਕਾਂਗਰਸੀ ਵਰਕਰਾਂ ਅਤੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਵਿਸ਼ਾਲ ਇਕੱਠ ਦੇਖਣ ਨੂੰ ਮਿਲਿਆ।
ਇਸ ਦੁਖਦਾਈ ਮੌਕੇ ਉਨ੍ਹਾਂ ਦੇ ਜਿਗਰੀ ਮਿੱਤਰ ਸਮਿਤ ਸਿੰਘ ਮਾਨ ਨੇ ਪਰਿਵਾਰ ਨਾਲ ਮਿਲ ਕੇ ਅੰਤਿਮ ਰਸਮਾਂ ਨਿਭਾਈਆਂ। ਉਨ੍ਹਾਂ ਨੇ ਆਪਣੇ ਪਿਆਰੇ ਦੋਸਤ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਨਮ ਅੱਖਾਂ ਨਾਲ ਆਖ਼ਰੀ ਵਿਦਾਈ ਦਿੱਤੀ। ਸਮਿਤ ਸਿੰਘ ਮਾਨ ਵੱਲੋਂ ਦੀਪਕ ਸ਼ਰਮਾ ਦੀ ਦੇਹ ਨੂੰ ਕਾਂਗਰਸ ਪਾਰਟੀ ਦੇ ਝੰਡੇ ਵਿੱਚ ਲਪੇਟ ਕੇ ਸਤਿਕਾਰ ਸਹਿਤ ਅੰਤਿਮ ਵਿਦਾਈ ਦਿੱਤੀ ਗਈ। ਇਹ ਪਲ ਮੌਜੂਦ ਹਰ ਵਿਅਕਤੀ ਲਈ ਬੇਹੱਦ ਭਾਵੁਕ ਸੀ। ਉਨ੍ਹਾਂ ਲਈ ਇਹ ਸਿਰਫ਼ ਇੱਕ ਸਿਆਸੀ ਸਾਥੀ ਦਾ ਵਿਛੋੜਾ ਨਹੀਂ, ਸਗੋਂ ਜਿਗਰੀ ਯਾਰ ਤੋਂ ਵਿਛੜਨ ਦਾ ਅਸਹਿ ਦੁੱਖ ਸੀ।

ਦੀਪਾ ‘ਬਿੱਲੂ ਡੇਅਰੀ ਵਾਲੇ’ ਸਿਰਫ਼ ਇੱਕ ਕੌਂਸਲਰ ਜਾਂ ਸਿਆਸੀ ਆਗੂ ਹੀ ਨਹੀਂ ਸਨ, ਸਗੋਂ ਆਪਣੀ ਮਿਲਣਸਾਰ ਸ਼ਖ਼ਸੀਅਤ, ਰੰਗਲੇ ਸੁਭਾਅ ਅਤੇ ਲੋਕਾਂ ਨਾਲ ਨਿੱਘੇ ਸਬੰਧਾਂ ਕਰਕੇ ਜਾਣੇ ਜਾਂਦੇ ਸਨ। ਉਹ ਕਈ ਧਾਰਮਿਕ ਸੰਸਥਾਵਾਂ, ਮੰਦਰਾਂ ਅਤੇ ਗਊਸ਼ਾਲਾਵਾਂ ਨਾਲ ਮੈਂਬਰ, ਸੇਵਾਦਾਰ ਅਤੇ ਪ੍ਰਧਾਨ ਵਜੋਂ ਜੁੜੇ ਰਹੇ। ਗੁਰਦੁਆਰਿਆਂ, ਮੰਦਰਾਂ ਅਤੇ ਮਸਜਿਦਾਂ ਸਮੇਤ ਵੱਖ-ਵੱਖ ਧਾਰਮਿਕ ਸਥਾਨਾਂ ਲਈ ਉਨ੍ਹਾਂ ਦਾ ਸਹਿਯੋਗ ਅਤੇ ਸਤਿਕਾਰ ਉਨ੍ਹਾਂ ਦੀ ਸਰਬ-ਸਾਂਝੀ ਸੋਚ ਨੂੰ ਦਰਸਾਉਂਦਾ ਸੀ।
ਲੋੜਵੰਦਾਂ ਦੀ ਮਦਦ ਕਰਨਾ ਉਨ੍ਹਾਂ ਦੇ ਸੁਭਾਅ ਦਾ ਅਹਿਮ ਹਿੱਸਾ ਸੀ। ਗਰੀਬ ਧੀਆਂ ਦੇ ਵਿਆਹਾਂ ਵਿੱਚ ਸਹਿਯੋਗ ਦੇਣ ਤੋਂ ਲੈ ਕੇ ਬਿਮਾਰ ਅਤੇ ਲੋੜਵੰਦ ਲੋਕਾਂ ਦੇ ਇਲਾਜ ਲਈ ਮਦਦ ਕਰਨ ਤੱਕ, ਉਹ ਆਪਣੀ ਸਮਰੱਥਾ ਅਨੁਸਾਰ ਸੇਵਾ ਕਰਦੇ ਰਹੇ। ਉਨ੍ਹਾਂ ਦੇ ਇਸ ਸੇਵਾ-ਭਾਵ ਅਤੇ ਲੋਕਾਂ ਨਾਲ ਬਣੇ ਨਿੱਘੇ ਰਿਸ਼ਤਿਆਂ ਦੀ ਝਲਕ ਉਨ੍ਹਾਂ ਦੀ ਅੰਤਿਮ ਵਿਦਾਈ ਸਮੇਂ ਹੋਏ ਵਿਸ਼ਾਲ ਇਕੱਠ ਵਿੱਚ ਸਾਫ਼ ਦਿਖਾਈ ਦਿੱਤੀ।

ਸ਼ਮਸ਼ਾਨਘਾਟ ਵਿੱਚ ਅੰਤਿਮ ਵਿਦਾਈ ਦਾ ਦ੍ਰਿਸ਼ ਬੇਹੱਦ ਭਾਵੁਕ ਸੀ। ਲੋਕਾਂ ਦਾ ਇਕੱਠ ਇੰਨਾ ਵੱਡਾ ਸੀ ਕਿ ਤਿਲ ਸੁੱਟਣ ਲਈ ਵੀ ਥਾਂ ਨਹੀਂ ਬਚੀ ਸੀ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਮ੍ਰਿਤਕ ਦੇਹ ਉੱਤੇ ਦੁਸ਼ਾਲੇ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ‘ਦੀਪਕ ਸ਼ਰਮਾ ਅਮਰ ਰਹੇ’ ਦੇ ਨਾਅਰੇ ਗੂੰਜਦੇ ਰਹੇ। ਹਰ ਪਾਸੇ ਨਮ ਅੱਖਾਂ, ਭਰੇ ਹੋਏ ਗਲੇ ਅਤੇ ਵਿਛੋੜੇ ਦਾ ਦਰਦ ਮਹਿਸੂਸ ਹੋ ਰਿਹਾ ਸੀ।
ਦੀਪਾ ‘ਬਿੱਲੂ ਡੇਅਰੀ ਵਾਲੇ’ ਦੇ ਅਚਾਨਕ ਵਿਛੋੜੇ ਨੇ ਪਰਿਵਾਰ ਹੀ ਨਹੀਂ, ਸਗੋਂ ਉਨ੍ਹਾਂ ਦੇ ਦੋਸਤਾਂ, ਸਾਥੀਆਂ ਅਤੇ ਅਹਿਮਦਗੜ੍ਹ ਵਾਸੀਆਂ ਦੇ ਮਨਾਂ ਵਿੱਚ ਵੀ ਡੂੰਘਾ ਖਾਲੀਪਣ ਪੈਦਾ ਕਰ ਦਿੱਤਾ ਹੈ। ਉਨ੍ਹਾਂ ਦੀਆਂ ਯਾਰੀਆਂ, ਮਿਲਣਸਾਰਤਾ, ਮੁਸਕਰਾਹਟ ਅਤੇ ਲੋੜਵੰਦਾਂ ਲਈ ਕੀਤੇ ਕੰਮ ਲੋਕਾਂ ਦੇ ਚੇਤਿਆਂ ਵਿੱਚ ਹਮੇਸ਼ਾ ਜਿਊਂਦੇ ਰਹਿਣਗੇ।
ਰੰਗਲੇ ਸੱਜਣ ਸਰੀਰਕ ਤੌਰ ’ਤੇ ਵਿਛੜ ਜਾਂਦੇ ਹਨ, ਪਰ ਉਨ੍ਹਾਂ ਦੀਆਂ ਯਾਰੀਆਂ, ਮੁਸਕਰਾਹਟਾਂ ਅਤੇ ਨੇਕੀਆਂ ਦੀ ਮਹਿਕ ਕਦੇ ਨਹੀਂ ਮੁੱਕਦੀ। ਅਕਾਲ ਪੁਰਖ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ, ਦੋਸਤਾਂ ਤੇ ਸਨੇਹੀਆਂ ਨੂੰ ਇਹ ਅਸਹਿ ਭਾਣਾ ਮੰਨਣ ਦਾ ਬਲ ਬਖ਼ਸ਼ਣ।




