ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਵੱਲੋਂ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਜ਼ਿਲ੍ਹੇ ਦੇ ਦੋਵੇਂ ਵਿਧਾਨ ਸਭਾ ਹਲਕਿਆਂ ਵਿੱਚ 406 ਪੋਲਿੰਗ ਸਟੇਸ਼ਨ ਰਹਿਣਗੇ ਬਰਕਰਾਰ; ਵੋਟਰਾਂ ਦੀ ਸਹੂਲਤ ਲਈ ਬੂਥਾਂ ਵਿੱਚ ਵੋਟਰਾਂ ਦੀ ਵੰਡ ਸਬੰਧੀ ਵਿਚਾਰ-ਵਟਾਂਦਰਾ
News Varta Editorial Staff•Digital Edition
SHARE THIS STORY

ਮਾਲੇਰਕੋਟਲਾ, 21 ਅਕਤੂਬਰ ( ਸੂਤਰ )

ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਸੁਖਾਲੀਆਂ ਚੋਣ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਚੋਣ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਪੋਲਿੰਗ ਸਟੇਸ਼ਨਾਂ ਦੀ ਮੌਜੂਦਾ ਸਥਿਤੀ, ਵੋਟਰਾਂ ਦੀ ਵੰਡ ਅਤੇ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੰਖੇਪ ਸੁਧਾਈ (ਐਸ.ਐਸ.ਆਰ.) ਦੇ ਪ੍ਰੋਗਰਾਮ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪੋਲਿੰਗ ਸਟੇਸ਼ਨ ਲਈ ਵੱਧ ਤੋਂ ਵੱਧ 1200 ਵੋਟਰਾਂ ਦੀ ਹੱਦ ਨਿਰਧਾਰਤ ਕੀਤੀ ਗਈ ਹੈ। ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ 105-ਮਾਲੇਰਕੋਟਲਾ ਵਿੱਚ 206 ਅਤੇ 106-ਅਮਰਗੜ੍ਹ ਵਿੱਚ 200 ਪੋਲਿੰਗ ਸਟੇਸ਼ਨ ਹਨ। ਰੈਸ਼ਨਲਾਈਜ਼ੇਸ਼ਨ ਦੀ ਪ੍ਰਸਤਾਵਿਤ ਪ੍ਰਕਿਰਿਆ ਉਪਰੰਤ ਵੀ ਜ਼ਿਲ੍ਹੇ ਦੇ ਕੁੱਲ 406 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਬਰਕਰਾਰ ਰਹੇਗੀ।

ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਫਿਰੋਜ਼ਪੁਰ (ਕੁਥਾਲਾ) ਵਿਖੇ ਸਥਿਤ ਪੋਲਿੰਗ ਬੂਥ ਨੰਬਰ 41 ਦੇ 150 ਵੋਟਰਾਂ ਨੂੰ ਉਸੇ ਇਮਾਰਤ ਵਿੱਚ ਸਥਿਤ ਬੂਥ ਨੰਬਰ 42 ਵਿੱਚ ਤਬਦੀਲ ਕਰਨ ਦੀ ਤਜਵੀਜ਼ ਹੈ। ਇਸ ਨਾਲ ਵੋਟਰਾਂ ਦੀ ਵੰਡ ਹੋਰ ਸੰਤੁਲਿਤ ਹੋਵੇਗੀ। ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਜਾਂ ਵੋਟਰਾਂ ਦੀ ਵੰਡ ਵਿੱਚ ਕੋਈ ਤਬਦੀਲੀ ਪ੍ਰਸਤਾਵਿਤ ਨਹੀਂ ਹੈ।
ਰਾਜਦੀਪ ਸਿੰਘ ਬਰਾੜ ਨੇ ਦੱਸਿਆ ਕਿ ਵਿਸ਼ੇਸ਼ ਸੰਖੇਪ ਸੁਧਾਈ ਪ੍ਰੋਗਰਾਮ ਤਹਿਤ 12 ਨਵੰਬਰ ਨੂੰ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ ਅਤੇ 12 ਨਵੰਬਰ ਤੋਂ 11 ਦਸੰਬਰ ਤੱਕ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਵੋਟਰਾਂ ਦੀ ਸਹੂਲਤ ਲਈ 14, 15 ਅਤੇ 29 ਨਵੰਬਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਜਦਕਿ ਅੰਤਿਮ ਵੋਟਰ ਸੂਚੀ ਦਾ ਪ੍ਰਕਾਸ਼ਨ 4 ਜਨਵਰੀ 2027 ਨੂੰ ਕੀਤਾ ਜਾਵੇਗਾ।

ਉਨ੍ਹਾਂ ਚੋਣ ਅਧਿਕਾਰੀਆਂ ਨੂੰ ਸਮੁੱਚੀ ਪ੍ਰਕਿਰਿਆ ਨਿਰਧਾਰਤ ਸਮਾਂ-ਸੀਮਾ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਿਹਾ। ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਵੋਟਰਾਂ ਦੀ ਸਹੂਲਤ ਅਤੇ ਸ਼ੁੱਧ ਵੋਟਰ ਸੂਚੀ ਲੋਕਤੰਤਰੀ ਪ੍ਰਕਿਰਿਆ ਦੀ ਮਜ਼ਬੂਤੀ ਦੇ ਅਹਿਮ ਆਧਾਰ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵਿਸ਼ਾਲ ਟਾਂਕ,ਸੂਬਾ ਸਕੱਤਰ ਬਹੁਜਨ ਸਮਾਜ ਪਾਰਟੀ ਸ਼ਮਸ਼ਾਦ ਅੰਸਾਰੀ, ਸੀ.ਪੀ.ਆਈ.ਐਮ. ਅਮਰਜੀਤ ਸਿਘ ਤੋਂ ਇਲਾਵਾ ਚੋਣਕਾਰ ਤਹਿਸ਼ੀਲਦਾਰ ਬ੍ਰਿਜ ਮੋਹਨ, ਮਨਪ੍ਰੀਤ ਸਿੰਘ ਵੀ ਮੌਜੂਦ ਸਨ ।





